Live Gurbani Kirtan from Sri Darbar Sahib | ਗੁਰਬਾਣੀ ਕੀਰਤਨ

Categories
Mukhwak

Daily Hukamnama – Sri Darbar Sahib Amritsar (Golden Temple)

Daily Hukamnama Sahib from Sri Darbar Sahib, Sri Amritsar

Sunday, 16 March 2025

ਰਾਗੁ ਸੋਰਠਿ – ਅੰਗ 601

Raag Sorath – Ang 601

ਸੋਰਠਿ ਮਹਲਾ ੩ ॥

ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥

ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥

ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥

ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥

ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥

ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥

ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥

ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥

ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥

ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥

ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥

ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥

ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥

Punjabi Translation:

ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।

ਹੇ ਪ੍ਰਭੂ! ਜੇ ਤੂੰ ਮੈਥੋਂ ਇਕ ਪਲ-ਭਰ ਜਾਂ ਇਕ ਛਿਨ-ਭਰ ਵੀ ਵਿੱਸਰਦਾ ਹੈਂ, ਮੈਂ ਉਹ ਵਕਤ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ।

ਹੇ ਭਾਈ! ਅਸੀਂ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ ॥੧॥

ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼।

ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਰਹਾਉ॥

ਹੇ ਭਾਈ! ਅਸੀਂ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਨ ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ।

ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ, ਤੇ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਅੰਦਰ ਆ ਵੱਸਦਾ ਹੈ।

ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੨॥

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ।

ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।

ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ॥੩॥

ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ)।

ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ।

ਹੇ ਨਾਨਕ! (ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤ ਦੇਣ ਜੋਗਾ ਨਹੀਂ ਹੈ ॥੪॥੪॥

Download PDF

Hukamnama Sahib in Español & English

Daily Hukamnama Sahib

Tags: Daily Hukamnama Sahib from Sri Darbar Sahib, Sri Amritsar | Golden Temple Mukhwak | Today’s Hukamnama Sahib | Hukamnama Sahib Darbar Sahib | Hukamnama Guru Granth Sahib Ji | Aaj da Hukamnama Amritsar | Mukhwak Sri Darbar Sahib

Sunday, 16 March 2025

Daily Hukamnama Sahib 8 September 2021 Sri Darbar Sahib